ਕੋਵਿਡ ਮਹਾਂਮਾਰੀ ਸਦਕਾ ਅਮਰੀਕਾ ਦਾ ਅਰਥਚਾਰਾ 4.8 ਫੀ ਸਦੀ ਸੁੰਗੜਿਆ

TTN
TTN

ਅਮਰੀਕਾ ਦੇ ਵਣਜ ਵਿਭਾਗ ਅਨੁਸਾਰ ਪਹਿਲੀ ਤਿਮਾਹੀ ਵਿੱਚ ਅਮਰੀਕਾ ਦਾ ਅਰਥਚਾਰਾ 4.8 ਫੀ ਸਦੀ ਦੀ ਸਾਲਾਨਾ ਦਰ ਦੇ ਹਿਸਾਬ ਨਾਲ ਸੁੰਗੜਿਆ। ਇਸ ਵਿਭਾਗ ਵੱਲੋਂ ਕੁੱਲ ਘਰੇਲੂ ਉਤਪਾਦ (ਜੀਡੀਪੀ) ਸਬੰਧੀ ਇਹ ਅੰਕੜੇ 29 ਅਪਰੈਲ ਨੂੰ ਜਾਰੀ ਕੀਤੇ ਗਏ।

ਬਿਊਰੋ ਆਫ ਇਕਨਾਮਿਕ ਅਨੈਲੇਸਿਸ ਮੁਤਾਬਕ ਪਹਿਲੀ ਤਿਮਾਹੀ ਵਿੱਚ ਜੀਡੀਪੀ ਵਿੱਚ ਆਈ ਗਿਰਾਵਟ ਦਾ ਮੁੱਖ ਕਾਰਨ ਕੋਵਿਡ-19 ਮਹਾਮਾਰੀ ਦੌਰਾਨ ਮਾਰਚ ਵਿੱਚ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੇ ਦਿੱਤੇ ਗਏ ਨਿਰਦੇਸ਼ ਸਨ। ਇਸ ਨਾਲ ਮੰਗ ਵਿੱਚ ਕਾਫੀ ਤਬਦੀਲੀ ਹੋਈ ਕਿਉਂਕਿ ਕਾਰੋਬਾਰ ਤੇ ਸਕੂਲ ਦੂਰ ਤੋਂ ਹੀ ਕੰਮ ਕਰਨ ਲਈ ਮਜਬੂਰ ਹੋ ਗਏ ਜਾਂ ਉਨ੍ਹਾਂ ਨੂੰ ਆਪਣੇ ਕੰਮਕਾਜ ਬੰਦ ਕਰਨ ਪਏ। ਇੱਥੇ ਹੀ ਬੱਸ ਨਹੀਂ ਕੰਜਿ਼ਊਮਰਜ਼ ਵੱਲੋਂ ਆਪਣੇ ਖਰਚਿਆਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਗਿਆ, ਜਾਂ ਉਨ੍ਹਾਂ ਉੱਤੇ ਰੋਕ ਲਾ ਲਈ ਗਈ ਤੇ ਜਾਂ ਫਿਰ ਉਨ੍ਹਾਂ ਅਜਿਹੀ ਰਕਮ ਨੂੰ ਮੁੜ ਤੋਂ ਕਿਤੇ ਹੋਰ ਪਾਸੇ ਵਰਤਣ ਲਈ ਰੱਖ ਲਿਆ ਗਿਆ।

2008 ਦੀ ਚੌਥੀ ਤਿਮਾਹੀ ਵਿੱਚ ਆਏ ਵਿੱਤੀ ਸੰਕਟ ਦੌਰਾਨ ਜੀਡੀਪੀ ਵੱਲੋਂ 8.4 ਫੀ ਸਦੀ ਦੇ ਖਾਧੇ ਗਏ ਗੋਤੇ ਨਾਲੋਂ ਇਹ ਹੋਰ ਵੀ ਤੇਜ਼ੀ ਨਾਲ ਆਈ ਨਿਵਾਣ ਹੈ। ਅਮੈਰੀਕਨ ਟਰੱਕਿੰਗ ਐਸੋਸਿਏਸ਼ਨਜ਼ ਦੇ ਚੀਫ ਇਕਨਾਮਿਸਟ ਬੌਬ ਕੌਸਟੈਲੋ ਨੇ ਟਰਾਂਸਪੋਰਟ ਟੌਪਿਕਸ ਨੂੰ ਦੱਸਿਆ ਕਿ ਇਸ ਡਾਟਾ ਉੱਤੇ ਨਜ਼ਰ ਮਾਰਿਆਂ ਉਨ੍ਹਾਂ ਨੂੰ ਸਿਰਫ ਮਾਰਚ ਵਿੱਚ ਹੀ ਹੋਏ ਨੁਕਸਾਨ ਕਾਰਨ ਕਾਫੀ ਹੈਰਾਨੀ ਹੋਈ। ਇੱਕਲੇ ਮਾਰਚ ਵਿੱਚ ਹੀ ਕਾਰੋਬਾਰਾਂ ਵੱਲੋਂ ਆਪਣੇ ਦਰਵਾਜ਼ੇ ਬੰਦ ਕੀਤੇ ਜਾਣ ਲੱਗੇ।

ਕੌਸਟੈਲੋ ਨੇ ਆਖਿਆ ਕਿ ਇਹ ਉਨ੍ਹਾਂ ਦੀ ਸੋਚ ਨਾਲੋਂ ਵੀ ਖਤਰਨਾਕ ਸੀ। ਉਨ੍ਹਾਂ ਆਖਿਆ ਕਿ ਉਹ ਉਮੀਦ ਕਰ ਰਹੇ ਸਨ ਕਿ ਇਹ 3 ਫੀ ਸਦੀ ਜਾਂ 3.5 ਫੀ ਸਦੀ ਹੋਵੇਗਾ। ਪਰ ਹਕੀਕਤ ਇਹ ਹੈ ਕਿ ਇਹ ਲੱਗਭਗ 5 ਫੀ ਸਦੀ ਦੇ ਨੇੜੇ ਤੇੜੇ ਹੈ ਤੇ ਇਸ ਨਾਲ ਉਨ੍ਹਾਂ ਨੂੰ ਦੂਜੀ ਤਿਮਾਹੀ ਦੀ ਫਿਕਰ ਹੋ ਰਹੀ ਹੈ। ਇਹ ਕਿਆਸ ਲਾਉਣਾ ਕਾਫੀ ਔਖਾ ਹੈ ਕਿ ਹੁਣ ਦੂਜੀ ਤਿਮਾਹੀ ਦੀ ਬੁੱਕਲ ਵਿੱਚ ਕੀ ਲੁਕਿਆ ਹੋਵੇਗਾ।

ਕੌਸਟੈਲੋ ਨੇ ਆਖਿਆ ਕਿ ਉਨ੍ਹਾਂ ਨੇ ਆਪਣੀ ਦੂਜੀ ਤਿਮਾਹੀ ਦੀ ਜੀਡੀਪੀ ਸਬੰਧੀ ਪੇਸ਼ੀਨਿਗੋਈ ਦਾ ਮੁਲਾਂਕਣ ਕੀਤਾ ਹੈ ਤੇ ਇਸ ਨੂੰ 20 ਫੀ ਸਦੀ ਤੋਂ 25 ਫੀ ਸਦੀ ਦੱਸਿਆ ਜਾ ਰਿਹਾ ਹੈ। ਸਾਲਾਨਾ ਪੱਧਰ ਉੱਤੇ ਉਨ੍ਹਾਂ ਨੂੰ ਇਸ ਦੇ 30 ਫੀ ਸਦੀ ਰਹਿਣ ਦੀ ਉਮੀਦ ਹੈ। ਉਨ੍ਹਾਂ ਆਖਿਆ ਕਿ ਦੂਜੀ ਤਿਮਾਹੀ ਸਾਡੀ ਸੋਚ ਨਾਲੋਂ ਕਿਤੇ ਖਤਰਨਾਕ ਹੋ ਸਕਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਹਿਲੀ ਤਿਮਾਹੀ ਵਿੱਚ ਦੋ ਹਫਤਿਆਂ ਲਈ ਅਰਥਚਾਰਾ ਬੰਦ ਰਿਹਾ ਤੇ ਇਹ ਇਸ ਸਦੀ ਦੀ ਦੂਜੀ ਸੱਭ ਤੋਂ ਮਾੜੀ ਰੀਡਿੰਗ ਹੈ। 2008 ਵਿਚ ਸਿਰਫ ਇੱਕ ਵਿੱਤੀ ਸੰਕਟ ਸੀ ਜਿਹੜਾ ਖਰਾਬ ਸੀ।

ਸਿਰਫ ਛੇ ਹਫਤਿਆਂ ਵਿੱਚ ਕਰੋਨਾਵਾਇਰਸ ਮਹਾਮਾਰੀ ਕਾਰਨ ਅਮਰੀਕਾ ਦੇ ਅਰਥਚਾਰੇ ਨੂੰ ਲੱਗਭਗ ਇੱਕ ਦਹਾਕੇ ਦੇ ਪਸਾਰ ਤੋਂ ਬਾਅਦ ਅਚਾਨਕ ਬ੍ਰੇਕ ਲੱਗੀ। ਬੇਰੋਜ਼ਗਾਰੀ ਇਸ ਸਮੇਂ 50 ਸਾਲਾਂ ਵਿੱਚ ਸਭ ਤੋਂ ਘਟ ਹੇਠਲੇ ਪੱਧਰ ਉੱਤੇ ਹੈ ਤੇ ਡੋਅ ਜੋਨਜ਼ ਇੰਡਸਟਰੀਅਲ ਐਵਰੇਜ 30000 ਤੱਕ ਅੱਪੜ ਗਈ ਹੈ।

ਟਿਕਾਊ ਵਸਤਾਂ ਜਿਵੇਂ ਕਿ ਕਾਰਾਂ, ਅਪਲਾਇੰਸਿਜ਼ ਤੇ ਫਰਨੀਚਰ ਦਾ ਭਾਅ 16.1 ਫੀ ਸਦੀ ਲੁੜਕ ਗਿਆ ਪਰ ਗੈਰ ਟਿਕਾਊ ਵਸਤਾਂ ਜਿਵੇਂ ਕਿ ਫੂਡ, ਪੇਪਰ ਟਾਵਲਜ਼ ਤੇ ਟੁਆਇਲਟ ਪੇਪਰ ਉੱਤੇ ਖਰਚਾ 6.9 ਫੀ ਸਦੀ ਵੱਧ ਗਿਆ।