ਕੀ ਬਾਇਡਨ ਦੇ 24/7 ਪੋਰਟ ਪਲੈਨ ਨਾਲ ਘੱਟ ਹੋ ਜਾਣਗੀਆਂ ਸਪਲਾਈ ਚੇਨ ਦੀਆਂ ਸਮੱਸਿਆਵਾਂ ?

The Trucking Network Inc

modern container terminal at dusk

ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਦੱਖਣੀ ਕੈਲੇਫੋਰਨੀਆਂ ਦੀਆਂ ਬੰਦਰਗਾਹਾਂ ਉੱਤੇ ਕਈ ਗੇਟ ਵੱਧ ਸਮੇਂ ਲਈ ਖੋਲ੍ਹਣ ਦਾ ਐਲਾਨ ਕੀਤਾ ਗਿਆ।ਬਾਇਡਨ ਵੱਲੋਂ ਭਾਵੇਂ ਸਪਲਾਈ ਚੇਨ ਦੇ ਰਾਹ ਵਿੱਚ ਰਹੇ ਅੜਿੱਕੇ ਖ਼ਤਮ ਕਰਨ ਲਈ ਇਹ ਰਾਹ ਕੱਢਿਆ ਗਿਆ ਹੈ ਪਰ ਟਰੱਕਿੰਗ ਗਰੁੱਪਜ਼ ਤੇ ਹੋਰਨਾਂ ਦਾ ਕਹਿਣਾ ਹੈ ਕਿ ਇਹ ਇਸ ਸਮੱਸਿਆ ਦਾ ਸਿਰਫ ਇੱਕ ਹੱਲ ਹੈ।

ਬਾਇਡਨ ਨੇ ਇਸ ਮੌਕੇ ਆਖਿਆ ਕਿ ਪੋਰਟ ਆਫ ਲਾਸ ਏਂਜਲਸ ਦਿਨ ਵਿੱਚ 24 ਘੰਟੇ ਤੇ ਹਫਤੇ ਦੇ ਸੱਤ ਦਿਨ ਕੰਮ ਕਰੇਗਾ। ਇਸੇ ਤਰਜ਼ ਉੱਤੇ ਪੋਰਟ ਆਫ ਲਾਂਗ ਬੀਚ ਨੂੰ ਵੀ ਖੋਲ੍ਹਿਆ ਜਾਵੇਗਾ। ਪਰ ਚੈਸੀਆਂ ਦੀ ਘਾਟ, ਵੇਅਰਹਾਊਸ ਦੇ ਘੰਟਿਆਂ, ਕੰਟੇਨਰਜ਼ ਦੀ ਅਸਮਰੱਥ ਢੰਗ ਨਾਲ ਵਰਤੋਂ, ਲੇਬਰ ਦੀ ਘਾਟ ਤੇ ਅਜਿਹੇ ਹੀ ਕਈ ਹੋਰ ਮੁੱਦਿਆਂ ਨੂੰ ਇਸ ਤਰ੍ਹਾਂ ਦੇ ਐਲਾਨ ਕਰਨ ਤੋਂ ਪਹਿਲਾਂ ਹੱਲ ਕੀਤੇ ਜਾਣ ਨਾਲ ਇਸ ਦਾ ਫਾਇਦਾ ਜਿ਼ਆਦਾ ਹੁੰਦਾ।

ਕੈਲੇਫੋਰਨੀਆ ਟਰੱਕਿੰਗ ਐਸੋਸਿਏਸ਼ਨ ਦੇ ਸੀਈਓ ਸ਼ਾਅਨ ਯਾਦੋਂ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਕਿ ਬਾਇਡਨ ਪ੍ਰਸ਼ਾਸਨ ਦਾ ਧਿਆਨ ਸਾਡੀ ਸਪਲਾਈ ਚੇਨ ਦੇ ਸੰਕਟ ਉੱਤੇ ਹੈ ਪਰ ਵੱਧ ਘੰਟਿਆਂ ਨਾਲ ਗੇਟ ਖੋਲ੍ਹਣ ਨਾਲ ਟਰੱਕਰਜ਼ ਦੇ ਲੰਮੇਂ ਸਮੇਂ ਤੋਂ ਚੱਲੇ ਆਏ ਮਸਲੇ ਹੱਲ ਨਹੀਂ ਹੋਣ ਵਾਲੇ। ਟਰੱਕਰਜ਼ ਤੇ ਕਾਰਗੋ ਮਾਲਕਾਂ ਨੂੰ ਕਈ ਤਰ੍ਹਾਂ ਦੇ ਖਰਚੇ ਕਰਨੇ ਪੈਂਦੇ ਹਨ ਅਜਿਹੇ ਪੋਰਟਸ ਜਿਹੜੇ ਇਕਿਉਪਮੈਂਟ ਨਾ ਮੋੜਨ ਲਈ ਉਨ੍ਹਾਂ ਤੋਂ ਫੀਸ ਵਸੂਲਦੇ ਹਨ, ਅਜਿਹੇ ਨਿਯਮ ਜਿਨ੍ਹਾਂ ਕਾਰਨ ਅਸਮਰੱਥਤਾ ਪੈਦਾ ਹੁੰਦੀ ਹੈ, ਕੰਟੇਨਰਜ਼ ਦੇ ਹੇਠਾਂ ਵਿਹਲੀਆਂ ਪਈਆਂ ਚੈਸੀਆਂ ਕਾਰਨ ਇਕਿਉਪਮੈਂਟ ਦੀ ਘਾਟ ਆਦਿ।

ਯਾਦੋਂ ਦੀਆਂ ਇਨ੍ਹਾਂ ਟਿੱਪਣੀਆਂ ਦਾ ਹਾਰਬਰ ਟਰੱਕਿੰਗ ਐਸੋਸਿਏਸ਼ਨ ਵੱਲੋਂ ਵੀ ਸਮਰਥਨ ਕੀਤਾ ਗਿਆ।ਇੱਕ ਬਿਆਨ ਜਾਰੀ ਕਰਕੇ ਐਚਟੀਏ ਨੇ ਆਖਿਆ ਕਿ ਬਾਇਡਨ ਪ੍ਰਸ਼ਾਸਨ ਦੇ ਐਲਾਨ ਵਿੱਚ ਅਸਲ ਮੁੱਦਿਆਂ ਨੂੰ ਛੋਹਿਆ ਹੀ ਨਹੀਂ ਗਿਆ। ਇਹ ਅਜਿਹੇ ਮੁੱਦੇ ਹਨ ਜਿਹੜੇ ਕਈ ਸਾਲਾਂ ਤੋਂ ਅਮਰੀਕਾ ਦੇ ਪੋਰਟਸ ਉੱਤੇ ਸਪਲਾਈ ਚੇਨ ਨੂੰ ਨੁਕਸਾਨ ਪਹੁੰਚਾ ਰਹੇ ਹਨ। 

ਵਾਲ ਸਟਰੀਟ ਜਨਰਲ ਦੀ ਰਿਪੋਰਟ ਅਨੁਸਾਰ ਕੁੱਝ ਟਰਮੀਨਲ ਆਪਰੇਟਰਜ਼ ਦਾ ਕਹਿਣਾ ਹੈ ਕਿ ਹੋਰ ਘੰਟੇ ਵਧਾਉਣ ਦੀ ਕੋਈ ਤੁਕ ਨਹੀਂ ਬਣਦੀ ਜਦੋਂ ਉਨ੍ਹਾਂ ਦੇ ਅਜਿਹੇ ਪਿੱਕਅੱਪ ਸਲੌਟਸ ਵੀ ਹਨ ਜਿਹੜੇ ਬਿਨਾਂ ਵਰਤਿਆਂ ਹੀ ਰਹਿ ਜਾਂਦੇ ਹਨ। ਲਾਂਗ ਬੀਚ ਉੱਤੇ ਤਿੰਨ ਟਰਮੀਨਲ ਆਪਰੇਟ ਕਰਨ ਵਾਲੇ ਐਸਐਸਏ ਟਰਮੀਨਲਜ਼ ਦੇ ਵਾਈਸ ਪ੍ਰੈਜ਼ੀਡੈਂਟ ਸਲ ਫੈਰਿਗਨੋ ਨੇ ਆਖਿਆ ਕਿ ਅਸੀਂ ਹਫਤੇ ਵਿੱਚ 90 ਘੰਟੇ 60 ਫੀ ਸਦੀ ਯੁਟੀਲਾਈਜ਼ੇਸ਼ਨ ਨਾਲ ਕੰਮ ਕਰਦੇ ਹਾਂ।

ਹਾਰਬਰ ਟਰੱਕਿੰਗ ਐਸੋਸਿਏਸ਼ਨ ਨੇ ਇੱਕ ਬਿਆਨ ਵਿੱਚ ਆਖਿਆ ਕਿ ਸਟੀਮਸਿ਼ਪ ਲਾਈਨਜ਼ ਤੇ ਉਨ੍ਹਾਂ ਦੇ ਮਰੀਨ ਟਰਮੀਨਲ ਪਾਰਟਨਰਜ਼ ਵੱਲੋਂ ਟਰੱਕਿੰਗ ਇੰਡਸਟਰੀ ਉੱਤੇ ਸੰਕਟ ਦੀ ਘੜੀ ਵਿੱਚ ਅਪੁਆਇੰਟਮੈਂਟਸ ਦੀ ਵਰਤੋਂ ਨਾ ਕਰਨ ਲਈ ਉਂਗਲੀ ਉਠਾਈ ਜਾ ਰਹੀ ਹੈ।ਟਰੱਕਰਜ਼ ਵੱਲੋਂ ਪੋਰਟਸ ਤੋਂ ਕੀਤੇ ਜਾਣ ਵਾਲੇ ਕਾਰੋਬਾਰ ਦੌਰਾਨ ਉਨ੍ਹਾਂ ਨੂੰ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ 24/7 ਗੇਟ ਆਪਰੇਸ਼ਨ ਬਦਲਣ ਨਾਲ ਘੱਟ ਨਹੀਂ ਹੋਣ ਵਾਲੀਆਂ।

ਐਚਟੀਏ ਦਾ ਕਹਿਣਾ ਹੈ ਕਿ ਹਜ਼ਾਰਾਂ ਖਾਲੀ ਕੰਟੇਨਰਜ਼ ਮੋਟਰ ਕੈਰੀਅਰ ਯਾਰਡਜ਼ ਵਿੱਚ ਚੈਸੀਆਂ ਉੱਤੇ ਪਏ ਰਹਿੰਦੇ ਹਨ ਤੇ ਇਨ੍ਹਾਂ ਨੂੰ ਪੋਰਟ ਕਾਂਪਲੈਕਸ ਨੂੰ ਪਰਤਾਇਆ ਨਹੀਂ ਜਾ ਸਕਦਾ ਕਿਉਂਕਿ ਅਪੁਆਇੰਟਮੈਂਟ ਸਬੰਧੀ ਲੋੜਾਂ ਬਹੁਤ ਸਖ਼ਤ ਹੁੰਦੀਆਂ ਹਨ।ਮਿਸਾਲ ਵਜੋਂ ਟਰੱਕਰਜ਼ ਖਾਲੀ ਕੰਟੇਨਰ ਮੋੜਨ ਲਈ ਅਪੁਆਇੰਟਮੈਂਟ ਸਕਿਓਰ ਨਹੀਂ ਕਰ ਸਕਦੇ, ਇਸ ਤਰ੍ਹਾਂ ਉਨ੍ਹਾਂ ਦੀਆਂ ਚੈਸੀਆਂ ਖਾਲੀ ਨਹੀਂ ਹੁੰਦੀਆਂ ਤੇ ਫਿਰ ਉਨ੍ਹਾਂ ਦੀਆਂ ਅਪੁਆਇੰਟਮੈਂਟਸ ਬੇਕਾਰ ਹੋ ਜਾਂਦੀਆਂ ਹਨ।

ਟਰਾਂਸਪੋਰਟੇਸ਼ਨ ਫੋਰਕਾਸਟਿੰਗ ਫਰਮ ਐਫਟੀਆਰ ਦੇ ਸੀਈਓ ਐਰਿਕ ਸਟਾਰਕਸ ਨੇ ਇੱਕ ਵੈਬੀਨਾਰ ਵਿੱਚ ਆਖਿਆ ਕਿ ਲਾਸ ਏਂਜਲਸ ਤੇ ਲਾਂਗ ਬੀਚ ਪੋਰਟ ਤੋਂ ਹਟਾਏ ਜਾਣ ਤੋਂ ਪਹਿਲਾਂ ਜਿੰਨਾਂ ਚਿਰ ਕੰਟੇਨਰਜ਼ ਪੋਰਟ ਉੱਤੇ ਪਏ ਰਹਿੰਦੇ ਹਨ ਉਨ੍ਹਾਂ ਦੇ ਸਮੇਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ।ਇਹ ਔਸਤਨ ਪੰਜ ਦਿਨਾਂ ਲਈ ਉੱਥੇ ਪਏ ਰਹਿੰਦੇ ਹਨ। ਇੱਕ ਤਾਜ਼ਾ ਮਿਸਾਲ ਇਹ ਵੀ ਮਿਲੀ ਹੈ ਕਿ ਜਾਰਜੀਆ ਵਿੱਚ ਸਾਵਨ੍ਹਾ ਪੋਰਟ ਉੱਤੇ ਤਾਂ ਕੰਟੇਨਰ 12 ਦਿਨਾਂ ਲਈ ਪਏ ਰਹੇ। 

ਐਫਟੀਆਰ ਦੇ ਟੌਡ ਤਰਾਨੌਸਕੀ, ਜੋ ਕਿ ਰੇਲ ਐਂਡ ਇੰਟਰਮਾਡਲ ਦੇ ਵਾਈਸ ਪ੍ਰੈਜ਼ੀਡੈਂਟ ਹਨ, ਨੇ ਆਖਿਆ ਕਿ ਇਨਲੈਂਡ ਇੰਟਰਮਾਡਲ ਟਰਮੀਨਲਜ਼ ਉੱਤੇ ਵੀ ਦਿੱਕਤਾਂ ਰਹਿੰਦੀਆਂ ਹਨ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ 2022 ਦੀ ਦੂਜੀ ਛਿਮਾਹੀ ਤੱਕ ਚੱਲ ਸਕਦੀਆਂ ਹਨ।ਤਰਾਨੌਸਕੀ ਨੇ ਆਖਿਆ ਕਿ ਚੈਸੀਜ਼ ਉਤਪਾਦਕਾਂ ਤੇ ਸਪਲਾਇਰਜ਼ ਇਹ ਆਖ ਰਹੇ ਹਨ ਕਿ ਉਹ ਸਿਸਟਮ ਵਿੱਚ ਹਰ ਇਕਿਉਪਮੈਂਟ ਨਹੀਂ ਲਾਉਣਗੇ। ਉਨ੍ਹਾਂ ਆਖਿਆ ਕਿ ਚੈਸੀਜ਼ ਨੂੰ ਇੱਕ ਹਫਤੇ ਦੀ ਥਾਂ ਦੋ ਜਾਂ ਤਿੰਨ ਦਿਨਾਂ ਦੇ ਅੰਦਰ ਮੋੜੇ ਜਾਣ ਦੀ ਲੋੜ ਹੈ। 

ਜਦੋਂ ਇਹ ਆਖਿਆ ਗਿਆ ਕਿ 24 ਘੰਟੇ ਗੇਟ ਖੋਲ੍ਹੇ ਜਾਣ ਨਾਲ ਹਾਲਾਤ ਵਿੱਚ ਸੁਧਾਰ ਆਵੇਗਾ ਤਾਂ ਉਨ੍ਹਾਂ ਆਖਿਆ ਕਿ ਇਹ ਨਿਰਭਰ ਕਰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵੇਅਰਹਾਊਸ ਖੁੱਲ੍ਹੇ ਹੋਣ, ਇਸ ਤਰ੍ਹਾਂ ਦੇ ਦੇਰਸਵੇਰ ਵਾਲੇ ਘੰਟਿਆਂ ਦੌਰਾਨ ਢੋਆ ਢੁਆਈ ਵਾਲੇ ਟਰੱਕਰ ਵੀ ਸਮਾਨ ਪਿੱਕ ਅੱਪ ਕਰਨ ਲਈ ਤਿਆਰ ਹੋਣੇ ਚਾਹੀਦੇ ਹਨ। ਇਸ ਦਾ ਹੱਲ ਰਲ ਕੇ ਕੰਮ ਕਰਨ ਵਿੱਚ ਹੈ।ਉਨ੍ਹਾਂ ਆਖਿਆ ਕਿ ਇਹ ਮਾਮਲਾ ਐਲਏ/ਲਾਂਗ ਬੀਚ ਦਾ ਨਹੀਂ ਹੈ,ਇਹ ਸਮੱਸਿਆ ਸਾਰੇ ਪਾਸੇ ਮੂੰਹ ਅੱਡੀ ਬੈਠੀ ਹੈ।ਰੇਲ ਸੇਵਾ ਬਹੁਤ ਵਧੀਆ ਨਹੀਂ ਹੈ। ਚੈਸੀਆਂ ਦੀ ਉਪਲਬਧਤਾ, ਵਾਧੂ ਅਮਲਾ, ਕੁੱਝ ਤਾਂ ਅਜਿਹਾ ਹੈ ਜਿਸ ਨੂੰ ਬਦਲਿਆ ਜਾਣਾ ਚਾਹੀਦਾ ਹੈ।