ਓਨਟਾਰੀਓ ਵਿੱਚ ਵੈਕਸੀਨੇਸ਼ਨ ਦੇ ਸਬੂਤ ਸਬੰਧੀਸਰਟੀਫਿਕੇਟ ਸਿਸਟਮ ਹੋਇਆ ਲਾਗੂ

Male hand holding a smartphone with International Vaccination Certificate COVID-19 QR code

ਕੁੱਝ ਖਾਸ ਬਿਜ਼ਨਸਿਜ਼ ਤੱਕ ਪਹੁੰਚ ਕਰਨ ਲਈ ਹੁਣ ਓਨਟਾਰੀਓ ਵਾਸੀਆਂ ਨੂੰ ਵੈਕਸੀਨੇਸ਼ਨ ਦਾ ਸਬੂਤ ਮੁਹੱਈਆ ਕਰਵਾਉਣਾ ਹੋਵੇਗਾ। ਵੈਕਸੀਨੇਸ਼ਨ ਦੇ ਇਸ ਸਬੂਤ ਲਈ ਓਨਟਾਰੀਓ ਸਰਕਾਰ ਵੱਲੋਂ ਇਸ ਹਫਤੇ ਅਪਡੇਟ ਜਾਰੀ ਕੀਤੀ ਗਈ। ਇਹ ਨਿਯਮ 22 ਸਤੰਬਰ ਤੋਂ ਲਾਗੂ ਹੋ ਗਏ ਹਨ। ਜਿਨ੍ਹਾਂ ਵਿਅਕਤੀਆਂ ਨੇ ਅਜੇ ਟੀਕਾਕਰਣ ਨਹੀਂ ਕਰਵਾਇਆ ਜਾਂ ਫਿਰ ਅੰਸ਼ਕ ਤੌਰ ਉੱਤੇ ਟੀਕਾਕਰਣ ਕਰਵਾਇਆ ਹੈ ਉਨ੍ਹਾਂ ਨੂੰ ਮੈਡੀਕਲ ਕੰਡੀਸ਼ਨ ਅਨੁਸਾਰ ਡਾਕਟਰ ਦੀ ਤਜਵੀਜ਼ ਮੁਤਾਬਕ ਇਸ ਨਿਯਮ ਤੋਂ ਛੋਟ ਵੀ ਮਿਲ ਸਕਦੀ ਹੈ।

ਇਸ ਸਿਸਟਮ ਤਹਿਤ ਓਨਟਾਰੀਓ ਵਾਸੀਆਂ ਨੂੰ ਆਪਣਾ ਪੂਰਾ ਟੀਕਾਕਰਣ ਕਰਵਾਉਣਾ ਹੋਵੇਗਾ ਤੇ ਕੁੱਝ ਖਾਸ ਥਾਂਵਾਂ, ਖਾਸ ਤੌਰ ਉੱਤੇ ਹਾਈ ਰਿਸਕ ਇੰਡੋਰ ਪਬਲਿਕ ਸੈਟਿੰਗਜ਼ ਜਿੱਥੇ ਹਮੇਸ਼ਾਂ ਫੇਸ ਕਵਰਿੰਗ ਨਹੀਂ ਪਾਈ ਜਾ ਸਕਦੀ, ਉੱਤੇ ਜਾਣ ਲਈ ਉਨ੍ਹਾਂ ਨੂੰ ਵੈਕਸੀਨੇਸ਼ਨ ਦੇ ਸਬੂਤ ਦੇ ਨਾਲ ਨਾਲ ਸਰਕਾਰੀ ਫੋਟੋ ਆਈਡੀ ਵੀ ਵਿਖਾਉਣੀ ਹੋਵੇਗੀ।

ਵੈਕਸੀਨੇਸ਼ਨ ਦਾ ਸਬੂਤ ਉਨ੍ਹਾਂ ਸੈਟਿੰਗਜ਼ ਉੱਤੇ ਮੁਹੱਈਆ ਨਹੀਂ ਕਰਵਾਉਣਾ ਹੋਵੇਗਾ ਜਿੱਥੇ ਲੋਕਾਂ ਨੂੰ ਮੈਡੀਕਲ ਕੇਅਰ ਮਿਲਦੀ ਹੈ, ਗਰੌਸਰੀ ਸਟੋਰਜ਼ ਤੋਂ ਫੂਡ ਲੈਣ ਸਮੇਂ, ਮੈਡੀਕਲ ਸਪਲਾਈਜ਼ ਆਦਿ ਲੈਣ ਸਮੇਂ ਇਹ ਸਬੂਤ ਮੁਹੱਈਆ ਨਹੀਂ ਕਰਵਾਉਣਾ ਹੋਵੇਗਾ।ਪਬਲਿਕ ਹੈਲਥ ਮਾਪਦੰਡਾਂ ਮੁਤਾਬਕ ਇੰਡੋਰ ਮਾਸਕਿੰਗ ਨੀਤੀਆਂ ਜਾਰੀ ਰਹਿਣਗੀਆਂ।

ਅਜਿਹੇ ਕਈ ਹਾਲਾਤ ਹਨ ਜਿੱਥੇ ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਜਾਂ ਅੰਸ਼ਕ ਤੌਰ ਉੱਤੇ ਵੈਕਸੀਨੇਸ਼ਨ ਕਰਵਾਉਣ ਵਾਲਿਆਂ ਨੂੰ ਛੋਟ ਮਿਲ ਸਕੇਗੀ, ਜਾਂ ਫਿਰ ਜਿੱਥੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਨਹੀਂ ਹੋਵੇਗੀ, ਜਿਵੇਂ ਕਿ ਵਾਸ਼ਰੂਮ ਦੀ ਵਰਤੋਂ ਕਰਨ ਸਮੇਂ, ਆਰਡਰ ਲਈ ਅਦਾਇਗੀ ਕਰਨ ਸਮੇਂ, ਆਰਡਰ ਦੇਣ ਸਮੇਂ ਜਾਂ ਆਰਡਰ ਪਿੱਕ ਕਰਨ ਸਮੇਂ, ਤੇ ਰੀਟੇਲ ਖਰੀਦਦਾਰੀ ਕਰਨ ਸਮਂੇ।

ਟਰੱਕ ਡਰਾਈਵਰ ਤੇ ਹੋਰ ਲੋਕ ਜਿਹੜੇ ਪ੍ਰੋਵਿੰਸ ਤੋਂ ਬਾਹਰ ਟਰੈਵਲ ਕਰਨਗੇ, ਉਹ ਵੀ ਓਨਟਾਰੀਓ ਦੇ ਵੈਕਸੀਨੇਸ਼ਨ ਸਬੰਧੀ ਸਬੂਤ ਦੀ ਨੀਤੀ ਦਾ ਪਾਲਣ ਕਰ ਸਕਦੇ ਹਨ। ਅਜਿਹੇ ਲੋਕਾਂ ਵੱਲੋਂ ਆਪਣੀ ਜਿਊਰਿਸਡਿਕਸ਼ਨ ਤੋਂ ਵੈਕਸੀਨੇਸ਼ਨ ਕਰਵਾਏ ਜਾਣ ਦੀ ਰਸੀਦ (ਪੇਪਰ ਜਾਂ ਡਿਜੀਟਲ ਕਾਪੀ), ਆਈਡੈਂਟੀਫਿਕੇਸ਼ਨ ਜਿਵੇਂ ਕਿ ਡਰਾਈਵਰਜ਼ ਲਾਇਸੰਸ, ਹੈਲਥ ਕਾਰਡ, ਪਾਸਪੋਰਟ ਜਾਂ ਸਰਕਾਰ ਵੱਲੋਂ ਜਾਰੀ ਇਸੇ ਤਰ੍ਹਾਂ ਦੇ ਹੋਰ ਦਸਤਾਵੇਜ਼ ਦੀ ਵੈਲਿਡ ਕਾਪੀ ਪੇਸ਼ ਕੀਤੀ ਜਾ ਸਕਦੀ ਹੈ।

ਓਨਟਾਰੀਓ ਵਾਸੀਆਂ, ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਆਪਣੀ ਪਹਿਲੀ ਜਾਂ ਦੂਜੀ ਡੋਜ਼ ਪ੍ਰੋਵਿੰਸ ਤੋਂ ਬਾਹਰੋਂ ਕਿਤੋਂ ਲਵਾਈ ਹੈ ਉਨ੍ਹਾਂ ਨੂੰ ਆਪਣੀ ਜਾਣਕਾਰੀ ਦੇਣ ਲਈ ਲੋਕਲ ਪਬਲਿਕ ਹੈਲਥ ਯੂਨਿਟ ਨਾਲ ਸੰਪਰਕ ਕਰਨਾ ਚਾਹੀਦਾ ਹੈ ਤੇ ਸਹੀ ਦਸਤਾਵੇਜ਼ ਹਾਸਲ ਕਰਨੇ ਚਾਹੀਦੇ ਹਨ। ਇਸ ਲਈ ਆਪਣੀ ਪਛਾਣ ਦੇ ਸਬੂਤ ਤੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਹੋਵੇਗੀ।

ਵੈਕਸੀਨ ਦੀਆਂ ਰਸੀਦਾਂ ਪੀਡੀਐਫ ਦੇ ਰੂਪ ਵਿੱਚ ਆਪਣੇ ਕੰਪਿਊਟਰ, ਫੋਨ ਜਾਂ ਟੇਬਲੈਟ ਤੋਂ ਹੀ ਪ੍ਰਿੰਟ ਜਾਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਵਿਅਕਤੀ ਵਿਸ਼ੇਸ਼ ਆਪਣੀ ਵੈਕਸੀਨੇਸ਼ਨ ਦੇ ਸਬੂਤ ਨੂੰ ਪ੍ਰੋਵਿੰਸ਼ੀਅਲ ਬੁਕਿੰਗ ਪੋਰਟਲ, ਜਾਂ ਪ੍ਰੋਵਿੰਸ਼ੀਅਲ ਵੈਕਸੀਨ ਬੁਕਿੰਗ ਲਾਈਨ 1-833-943-3900 ਉੱਤੇ ਕਾਲ ਕਰਕੇ ਵੈਕਸੀਨ ਦੀ ਰਸੀਦ ਡਾਊਨਲੋਡ ਜਾ ਪ੍ਰਿੰਟ ਕਰਕੇ, ਮੁਹੱਈਆ ਕਰਵਾ ਸਕਦੇ ਹਨ।

22 ਅਕਤੂਬਰ ਤੋਂ ਸ਼ੁਰੂ ਹੋ ਕੇ ਓਨਟਾਰੀਓ ਡਿਜੀਟਲ ਵੈਕਸੀਨ ਰਸੀਦ, ਜਿਸ ਵਿੱਚ ਕਿਊਆਰ ਕੋਡ ਹੋਵੇਗਾ, ਜੋ ਸੇਫ ਹੋਵੇਗੀ, ਵਧੇਰੇ ਸੁਰੱਖਿਅਤ ਹੋਵੇਗੀ ਤੇ ਜਿੱਥੇ ਵੀ ਤੁਸੀਂ ਜਾਵੋਂਗੇ ਉੱਥੇ ਤੁਹਾਡੇ ਨਾਲ ਹੀ ਹੋਵੇਗੀ। ਇਸ ਡਿਜੀਟਲ ਵੈਕਸੀਨ ਰਸੀਦ ਨੂੰ ਫੋਨ ਉੱਤੇ ਵੀ ਰੱਖਿਆ ਜਾ ਸਕਦਾ ਹੈ ਤੇ ਲੋੜ ਪੈਣ ਉੱਤੇ ਤੁਸੀਂ ਕਿਤੇ ਵੀ ਇਹ ਵਿਖਾ ਸਕੋਂਗੇ ਕਿ ਤੁਸੀਂ ਵੈਕਸੀਨੇਟਿਡ ਹੋਂ।

ਪ੍ਰੋਵਿੰਸ ਇੱਕ ਨਵਾਂ ਐਪ ਲਾਂਚ ਕਰਕੇ ਬਿਜ਼ਨਸਿਜ਼ ਤੇ ਆਰਗੇਨਾਈਜ਼ੇਸ਼ਨਜ਼ ਲਈ ਇਹ ਸੁਖਾਲਾ ਬਣਾਵੇਗੀ ਕਿ ਉਹ ਡਿਜੀਟਲ ਵੈਕਸੀਨ ਰਸੀਦ ਵੈਲਿਡ ਹੈ ਤੇ ਇਸ ਦੇ ਨਾਲ ਹੀ ਤੁਹਾਡੀ ਪ੍ਰਾਈਵੇਸੀ ਵੀ ਸੁਰੱਖਿਅਤ ਰਹੇਗੀ। ਇਸ ਸਬੰਧੀ ਮਿਆਰੀ ਵੈਕਸੀਨ ਸਰਟੀਫਿਕੇਟ ਦੇ ਨਾਲ ਹੀ ਬਿਜ਼ਨਸਿਜ਼ ਨੂੰ ਕਿਊਆਰ ਕੋਡ ਰੀਡ ਕਰਨ ਲਈ ਵੈਰੀਫਿਕੇਸ਼ਨ ਐਪ ਵੀ ਉਪਲਬਧ ਹੋਵੇਗਾ। ਇਸ ਸਬੰਧ ਵਿੱਚ ਜਿਵੇਂ ਹੀ ਹੋਰ ਜਾਣਕਾਰੀ ਹਾਸਲ ਹੋਵੇਗੀ ਓਟੀਏ ਵੱਲੋਂ ਤੁਰੰਤ ਮੁਹੱਈਆ ਕਰਵਾਈ ਜਾਵੇਗੀ।