ਓਨਟਾਰੀਓ ਵਾਸੀਆਂ ਨੂੰ ਰਨਿਊ ਕਰਵਾਉਣੇ ਹੋਣਗੇ ਐਕਸਪਾਇਰ ਹੋ ਚੁੱਕੇ ਲਾਇਸੰਸ ਤੇ ਹੈਲਥ ਕਾਰਡ

ਜਿਨ੍ਹਾਂ ਲਕਾਂ ਦੇ ਡਰਾਈਵਰਜ਼ ਲਾਇਸੰਸ, ਲਾਇਸੰਸ ਪਲੇਟ ਸਟਿੱਕਰਜ਼, ਤੇ ਹੈਲਥ ਕਾਰਡ ਐਕਸਪਾਇਰ ਹੋ ਚੁੱਕੇ ਹਨ ਉਨ੍ਹਾਂ ਨੂੰ ਓਨਟਾਰੀਓ ਸਰਕਾਰ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਇਨ੍ਹਾਂ ਨੂੰ ਬਹਾਲ ਕਰਨ ਲਈ ਮੁੜ ਨੰਵਿਆਏ ਜਾਣ ਦੀ ਲੋੜ ਹੈ।

ਸਰਕਾਰ ਨੇ ਆਖਿਆ ਕਿ ਡਰਾਈਵਰਜ਼ ਲਾਇਸੰਸ, ਲਾਇਸੰਸ ਪਲੇਟ ਸਟਿੱਕਰਜ਼, ਓਨਟਾਰੀਓ ਹੈਲਥ ਕਾਰਡਜ਼ ਤੇ ਓਨਟਾਰੀਓ ਫੋਟੋ ਕਾਰਡਜ਼ 28 ਫਰਵਰੀ, 2022 ਤੱਕ ਮੁੜ ਨੰਵਿਆਏ ਜਾਣ ਦੀ ਲੋੜ ਹੈ।

ਮਹਾਂਮਾਰੀ ਦੇ ਇਸ ਦੌਰ ਵਿੱਚ ਸਰਵਿਸ ਓਨਟਾਰੀਓ ਦੀਆਂ ਲੋਕੇਸ਼ਨਾਂ ਉੱਤੇ ਲੋਕਾਂ ਦੇ ਇੱਕਠ ਨੂੰ ਰੋਕਣ ਲਈ ਪ੍ਰੋਵਿੰਸ਼ੀਅਲ ਸਰਕਾਰ ਨੇ ਰੈਜ਼ੀਡੈਂਟਸ ਨੂੰ ਆਖਿਆ ਕਿ ਮਾਰਚ 2020 ਤੋਂ ਬਾਅਦ ਐਕਸਪਾਇਰ ਹੋਏ ਕੋਈ ਵੀ ਆਇਡੈਂਟੀਫਿਕੇਸ਼ਨ ਕਾਰਡ ਨੂੰ ਨੰਵਿਆਉਣ ਦੀ ਲੋੜ ਨਹੀਂ ਹੈ।

ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਇਨ੍ਹਾਂ ਦਸਤਾਵੇਜ਼ਾਂ ਨੂੰ ਮੁੜ ਨੰਵਿਆਉਣ ਦਾ ਕੰਮ ਮੁਲਤਵੀ ਕਰ ਦਿੱਤਾ ਸੀ , ਜੋ ਕਿ 17 ਫੀ ਸਦੀ ਓਨਟਾਰੀਓ ਵਾਸੀ ਹਨ, ਉਨ੍ਹ੍ਹਾਂ ਨੂੰ ਅਗਾਊਂ ਯੋਜਨਾ ਬਣਾ ਕੇ ਦਸਤਾਵੇਜ਼ ਆਨਲਾਈਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਇਹ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਡਰਾਈਵਰਾਂ ਤੇ ਗੱਡੀਆਂ ਦੇ ਮਾਲਕਾਂ ਨੂੰ ਕੰਮ ਲਈ ਆਪਣੇ ਦਸਤਾਵੇਜ਼ ਅਪ ਟੂ ਡੇਟ ਰੱਖਣੇ ਪੈਂਦੇ ਹਨ ਤਾਂ ਕਿ ਸਹੀ ਸਮੇਂ ਉੱਤੇ ਸੇਵਾਵਾਂ ਲੈ ਸਕਣ, ਸਫਰ ਕਰ ਸਕਣ ਤੇ ਸਾਡੀਆਂ ਸੜਕਾਂ ਨੂੰ ਸੇਫ ਰੱਖ ਸਕਣ।

ਸਰਕਾਰ ਨੇ ਆਖਿਆ ਕਿ ਹੈਵੀ ਕਮਰਸ਼ੀਅਲ ਵ੍ਹੀਕਲ ਦੇ ਮਾਲਕਾਂ ਨੂੰ 31 ਦਸੰਬਰ,2021 ਤੱਕ ਆਪਣੀਆਂ ਗੱਡੀਆਂ ਦੀ ਵੈਲੀਡੇਸ਼ਨ ਮੁਕੰਮਲ ਕਰਵਾਉਣੀ ਹੋਵੇਗੀ।

ਨਵੇਂ ਲਾਇਸੰਸ ਧਾਰਕਾਂ- ਜੀ 1, ਜੀ 2, ਐਮ 1 ਜਾਂ ਐਮ 2-  ਕੋਲ ਆਪਣੇ ਲਾਇਸੰਸ ਲਈ ਰੀਕੁਆਲੀਫਾਈ ਕਰਨ ਜਾਂ ਆਪਣੇ ਨਵੇਂ ਡਰਾਈਵਰਜ਼ ਲਾਇਸੰਸ ਨੂੰ ਅਪਗੇ੍ਰਡ ਕਰਨ ਲਈ 31 ਦਸੰਬਰ, 2022 ਤੱਕ ਦਾ ਸਮਾਂ ਹੈ।

ਇਸ ਵਧੇ ਹੋਏ ਅਰਸੇ ਲਈ ਜੇ ਲੋਕਾਂ ਨੇ ਆਪਣੇ ਦਸਤਾਵੇਜ਼ਾਂ ਨੂੰ ਰਨਿਊ ਨਾ ਕਰਵਾਇਆ ਤਾਂ ਉਨ੍ਹਾਂ ਨੂੰ ਮੌਜੂਦਾ ਸਾਲ ਦੀ ਰਨਿਊਅਲ ਫੀਸ ਦੇ ਨਾਲ ਨਾਲ ਪਿਛਲੇ ਸਾਲ ਦੀ ਫੀਸ ਵੀ ਅਦਾ ਕਰਨੀ ਹੋਵੇਗੀ।

ਓਨਟਾਰੀਓ, ਲੋਕਾਂ ਨੂੰ ਨਿਜੀ ਤੌਰ ਉੱਤੇ ਡਰਾਈਵਰ ਲਾਇਸੰਸ ਮੁੜ ਨੰਵਿਆਉਣ ਦੀ ਸ਼ਰਤ ਤੋਂ ਵੀ ਛੋਟ ਦੇ ਰਿਹਾ ਹੈ।ਇੱਥੋਂ ਤੱਕ ਕਿ ਸੀਨੀਅਰ ਡਰਾਈਵਰਜ਼ ਨੂੰ ਵੀ ਇਹ ਸਹੂਲਤ ਆਨਲਾਈਨ ਦੇਣ ਦਾ ਪ੍ਰਬੰਧ ਹੋਵੇਗਾ।