ਐਲਐਮਆਈਏ ਤੋਂ ਮੁਨਾਫਾ ਖੱਟਣ ਵਾਲੇ ਕਰੀਅਰਜ਼ ਨੂੰ ਫੈਡਰਲ ਸਰਕਾਰ ਨੇ ਦਿੱਤੀ ਚੇਤਾਵਨੀ

Powerful loaded classic big rig white day cab semi truck with vertical exhaust pipes transporting wire rolls on the flat bed semi trailer running on the multiline wide highway road

ਫੈਡਰਲ ਸਰਕਾਰ ਵੱਲੋਂ ਕਰੀਅਰਜ਼ ਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਟੈਂਪਰੇਰੀ ਫੌਰਨ ਵਰਕਰਜ਼ ਪ੍ਰੋਗਰਾਮ (ਟੀਐਫਡਬਲਿਊਪੀ) ਵਿੱਚ ਕੀਤੀ ਗਈ ਗੜਬੜੀ ਕਾਰਨ ਉਨ੍ਹਾਂ ਨੂੰ ਭਾਰੀ ਜੁਰਮਾਨੇ ਹੋ ਸਕਦੇ ਹਨ ਤੇ ਹਮੇਸ਼ਾਂ ਲਈ ਉਨ੍ਹਾਂ ਉੱਤੇ ਪਾਬੰਦੀ ਲਾਈ ਜਾ ਸਕਦੀ ਹੈ|

ਕੁੱਝ ਫਲੀਟਸ ਵੱਲੋਂ ਲੇਬਰ ਮਾਰਕਿਟ ਅਸੈੱਸਮੈਂਟ (ਐਲਐਮਆਈਏ) ਤੋਂ ਮੁਨਾਫਾ ਖੱਟਣ ਦੇ ਲੱਗ ਰਹੇ ਦੋਸ਼ਾਂ ਦਰਮਿਆਨ ਇਹ ਚੇਤਾਵਨੀ ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ਈਐਸਡੀਸੀ), ਜੋ ਕਿ ਟੀਐਫਡਬਲਿਊਪੀ ਤਹਿਤ ਕੰਪਨੀਆਂ ਨੂੰ ਲੋਕਾਂ ਨੂੰ ਹਾਇਰ ਕਰਨ ਦੀ ਇਜਾਜ਼ਤ ਦਿੰਦੀ ਹੈ, ਵੱਲੋਂ ਜਾਰੀ ਕੀਤੀ ਗਈ ਹੈ|

ਕਿਸੇ ਖਾਸ ਨੌਕਰੀ ਲਈ ਕਿਸੇ ਵਿਦੇਸ਼ੀ ਨੂੰ ਹਾਇਰ ਕਰਨ ਤੋਂ ਪਹਿਲਾਂ ਇੰਪਲੌਇਰਜ਼ ਨੂੰ ਇਹ ਸਿੱਧ ਕਰਨਾ ਪੈਂਦਾ ਹੈ ਕਿ ਉਸ ਅਹੁਦੇ ਨੂੰ ਪੁਰ ਕਰਨ ਲਈ ਹੋਰ ਕੋਈ ਕੈਨੇਡੀਅਨ ਉਪਲਬਧ ਨਹੀਂ ਹੈ ਤੇ ਇਸ ਨੂੰ ਈਐਸਡੀਸੀ ਦੀ ਨਿਗਰਾਨੀ ਹੇਠ ਐਲਐਮਆਈਏ ਪ੍ਰਕਿਰਿਆ ਰਾਹੀਂ ਪੂਰਾ ਕੀਤਾ ਜਾਂਦਾ ਹੈ| ਪਾਜ਼ੀਟਿਵ ਐਲਐਮਆਈਏ, ਟੀਐਫਡਬਲਿਊਪੀ ਤਹਿਤ ਸਰਵਿਸ ਕੈਨੇਡਾ ਰਾਹੀਂ ਈਐਸਡੀਸੀ ਵੱਲੋਂ ਜਾਰੀ ਕੀਤੀ ਜਾਂਦੀ ਹੈ| ਇਹ ਸਾਰੀ ਪ੍ਰਕਿਰਿਆ ਕਈ ਸਾਲ ਪਹਿਲਾਂ ਅਰਥਚਾਰੇ ਦੇ ਵੱਖ ਵੱਖ ਸੈਕਟਰਜ਼ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਸ਼ੁਰੂ ਕੀਤੀ ਗਈ ਸੀ|

ਇੱਕ ਤਾਜ਼ਾ ਰਿਪੋਰਟ ਵਿੱਚ ਈਐਸਡੀਸੀ ਦੀ ਤਰਜ਼ਮਾਨ ਨੇ ਆਖਿਆ ਕਿ ਡਿਪਾਰਟਮੈਂਟ ਇਸ ਪ੍ਰੋਗਰਾਮ ਨਾਲ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਬਰਦਾਸ਼ਤ ਨਹੀਂ ਕਰੇਗਾ| ਮੈਰੀ ਈਵ ਸਿਗੁਇਨ ਕੈਂਪਿਊ ਨੇ ਆਖਿਆ ਕਿ ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਵੱਲੋਂ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਦੀ ਅਖੰਡਤਾ ਅਤੇ ਫੌਰਨ ਵਰਕਰਜ਼ ਦੀ ਹਿਫਾਜ਼ਤ ਨੂੰ ਬੜੀ ਗੰਭੀਰਤਾ ਨਾਲ ਲਿਆ ਜਾਂਦਾ ਹੈ|

ਉਨ੍ਹਾਂ ਆਖਿਆ ਕਿ ਕਿਸੇ ਤਰ੍ਹਾਂ ਦੇ ਸੰਭਾਵੀ ਬਦਲੇ ਤੋਂ ਵਰਕਰਜ਼ ਨੂੰ ਬਚਾਉਣ ਲਈ ਵਿਭਾਗ ਨੇ ਇਹ ਫੈਸਲਾ ਕੀਤਾ ਹੈ ਕਿ ਕੁੱਝ ਖਾਸ ਮਾਮਲਿਆਂ ਬਾਰੇ ਜਾਣਕਾਰੀ ਦਾ ਖੁਲਾਸਾ ਨਾ ਕੀਤਾ ਜਾਵੇ| ਫਿਰ ਭਾਵੇਂ ਕਿਸੇ ਮਾਮਲੇ ਦੇ ਸਬੰਧ ਵਿੱਚ ਕਿਸੇ ਇੰਪਲੌਇਰ ਦੀ ਜਾਂਚ ਚੱਲ ਰਹੀ ਹੋਵੇ ਜਾਂ ਨਾ| ਉਨ੍ਹਾਂ ਇਹ ਵੀ ਆਖਿਆ ਕਿ ਜਨਤਾ ਕਿਸੇ ਵੀ ਤਰ੍ਹਾਂ ਦੀ ਗੜਬੜ ਤੇ ਇਸ ਪ੍ਰੋਗਰਾਮ ਦੀ ਦੁਰਵਰਤੋਂ ਬਾਰੇ ਗੁਪਤ ਟਿੱਪ ਲਾਈਨ ਰਾਹੀਂ ਸ਼ਿਕਾਇਤ ਕਰ ਸਕਦੀ ਹੈ|

ਸਿਗੁਇਨ ਕੈਂਪਿਊ ਨੇ ਆਖਿਆ ਕਿ ਇਸ ਤਰ੍ਹਾਂ ਦੇ ਦੋਸ਼ਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਢੁਕਵੀਂ ਕਾਰਵਾਈ ਕੀਤੀ ਜਾਂਦੀ ਹੈ| ਜੇ ਕੋਈ ਮੁਜਰਮਾਨਾਂ ਗਤੀਵਿਧੀ ਦਾ ਸ਼ੱਕ ਪੈਂਦਾ ਹੈ ਤਾਂ ਉਸ ਸਬੰਧੀ ਜਾਣਕਾਰੀ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੂੰ ਭੇਜੀ ਜਾਂਦੀ ਹੈ| ਇਮੀਗ੍ਰੇਸ਼ਨ ਫਰਾਡ ਦੇ ਇੱਕ ਤਾਜ਼ਾ ਮਾਮਲੇ ਵਿੱਚ ਪਿਛਲੇ ਮਹੀਨੇ ਸੀਬੀਐਸਏ ਨੇ ਬੀਸੀ ਵਿੱਚ ਚਾਰ ਸਾਊਥ ਏਸ਼ੀਅਨ ਕਾਰੋਬਾਰੀਆਂ ਖਿਲਾਫ ਚਾਰਜਿਜ਼ ਦਾ ਐਲਾਨ ਕੀਤਾ ਤੇ ਇਹ ਮਾਮਲਾ ਅਜੇ ਵੀ ਅਦਾਲਤ ਦੇ ਵਿਚਾਰ ਅਧੀਨ ਹੈ|

ਸਿਗੁਇਨ ਕੈਂਪਿਊ ਨੇ ਆਖਿਆ ਕਿ ਈਐਸਡੀਸੀ ਕੋਲ ਇਹ ਅਥਾਰਟੀ ਹੈ ਕਿ ਉਹ ਇੰਪਲੌਇਅਰ ਨੂੰ ਬਿਨਾਂ ਦੱਸੇ ਇੰਪਲੌਇਰ ਦੀਆਂ ਕੰਮ ਵਾਲੀਆਂ ਥਾਂਵਾਂ ਉੱਤੇ ਉਸ ਦੀਆਂ ਗਤੀਵਿਧੀਆਂ ਦੀ ਜਾਂਚ ਕਰ ਸਕਦੀ ਹੈ ਜਾਂ ਬਿਨਾਂ ਨੋਟਿਸ ਇਹ ਯਕੀਨੀ ਬਣਾ ਸਕਦੀ ਹੈ ਕਿ ਉਹ ਪ੍ਰੋਗਰਾਮ ਦੀਆਂ ਸ਼ਰਤਾਂ ਪੂਰੀਆਂ ਕਰ ਰਿਹਾ ਹੈ|

ਜਿਹੜੇ ਇੰਪਲੌਇਰਜ਼ ਸ਼ਰਤਾਂ ਦੀ ਉਲੰਘਣਾਂ ਕਰਦੇ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਗੰਭੀਰ ਪੈਨਲਟੀਜ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਇਸ ਵਿੱਚ ਇੱਕ ਸਾਲ ਵਿੱਚ ਇੱਕ ਮਿਲੀਅਨ ਡਾਲਰ ਤੱਕ ਦਾ ਜੁਰਮਾਨਾ, ਪ੍ਰੋਗਰਾਮ ਦੀ ਵਰਤੋਂ ਕਰਨ ਉੱਤੇ ਸਥਾਈ ਪਾਬੰਦੀ ਤੇ ਉਨ੍ਹਾਂ ਦੀਆਂ ਕੰਪਨੀਆਂ ਦੇ ਨਾਂ ਤੇ ਉਲੰਘਣਾਵਾਂ ਸਬੰਧੀ ਜਾਣਕਾਰੀ ਪਬਲਿਕ ਲਿਸਟ, ਜਿਸ ਨੂੰ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ (ਆਈਸੀਆਰਸੀ) ਵੱਲੋਂ ਮੈਨੇਜ ਕੀਤਾ ਜਾਂਦਾ ਹੈ, ਵਿੱਚ ਵੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ|