ਉਨਟੈਰੀਓ ਇਮੀਗਰੇਸ਼ਨ ਨੋਮਿਨੀ ਪ੍ਰੋਗਰਾਮ ਵਿੱਚ ਟਰੱਕਿੰਗ ਵੀ ਆਵੇਗਾ

ਉਨਟੈਰੀਓ ਟਰੱਕਿੰਗ ਐਸੋਸੀਏਸ਼ਨ (ਓ ਟੀ ਏ) ਵੱਲੋਂ ਪ੍ਰੋਵਿੰਸੀਅਲ ਸਰਕਾਰ ਦੇ ਟਰੱਕਿੰਗ ਇੰਡਸਟਰੀ ਨੂੰ ਉਨਟੈਰੀਓ ਇਮੀਗਰੇਸ਼ਨ ਨੋਮਿਨੀ ਪ੍ਰੋਗਰਾਮ ਵਿੱਚ ਇੰਨ-ਡੀਮਾਡ ਸਕਿੱਲਜ਼ ਸਟਰੀਮ ਅਧੀਨ ਸ਼ਾਮਿਲ ਕਰਨ ਦੇ ਫੈਸਲੇ ਦੀ ਸਰਾਹਨਾ ਕੀਤੀ ਗਈ ਹੈ। ਸਾਲ 2019 ਦੇ ਬੱਜਟ ਵਿੱਚ ਲੇਬਰ ਮਾਰਕੀਟ ਅਤੇ ਇੰਪਲੋਇਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਰਕਾਰ ਇੰਪਲੋਇਰ ਜੌਬ ਆਫ਼ਰ ਲਈ ਪੇਸ਼ਾਵਰ ਯੋਗ ਸਕਿੱਲਜ਼ ਇੰਨ-ਡੀਮਾਂਡ ਵਿੱਚ ਟਰਾਂਸਪੋਰਟ ਟਰੱਕ ਅਤੇ ਪਰਸਨਲ ਸੁਪਪੋਰਟ ਵਰਕਰਾਂ ਨੂੰ ਸ਼ਾਮਿਲ ਕਰ ਲਿਆ ਗਿਆ ਹੈ। ਇਸ ਤਬਦੀਲੀ ਰਾਹੀਂ ਉਨਟੈਰੀਓ ਟਰੱਕਿੰਗ ਕੰਪਨੀਆਂ ਨੂੰ ਵਿਦੇਸ਼ੀ ਲੇਬਰ ਲਈ ਉਸੇ ਤਰਾਂ ਖੁੱਲ੍ਹ ਹੋਵੇਗੀ ਜਿਸ ਤਰਾਂ ਐਗਰੀਕਲਚਰ ਅਤੇ ਕੰਸਟਰੱਕਸ਼ਨ ਇੰਡਸਟਰੀ ਨੂੰ ਹੈ। ਉਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੇ ਚੇਅਰਮੈਨ ਡੈਵਿਡ ਕੈਰੁਥ ਦਾ ਕਹਿਣਾ ਸੀ ਕਿ ਸਾਡੇ ਸੂਬੇ ਵਿੱਚ ਟਰੱਕਿੰਗ ਢੋਆ-ਢੋਆਈ ਦਾ ਮੁੱਖ ਸਾਧਨ ਹੋਣ ਕਰਕੇ ਆਰਥਿਕਤਾ ਟਰੱਕਿੰਗ ਇੰਡਸਟਰੀ ਤੇ ਨਿਰਭਰ ਕਰਦੀ ਹੈ ਅਤੇ ਉਕਤ ਪ੍ਰੋਗਰਾਮ ਤਹਿਤ ਟਰੱਕਿੰਗ ਕੰਪਨੀਆਂ ਆਪਣੀ ਵਰਕ ਫੋਰਸ ਦੇ ਖੱਪੇ ਪੂਰੇ ਕਰ ਸਕਣ ਦੇ ਯੋਗ ਹੋ ਜਾਣਗੀਆਂ। ਪਰ ਨਵੇਂ ਟਰੱਕ ਡਰਾਈਵਰਾਂ ਨੂੰ ਉਨਟੈਰੀਓ ਦੇ ਐਮ ਈ ਐਲ ਟੀ ਟਰੇਨਿੰਗ ਪ੍ਰੋਰਾਮ ਅਤੇ ਇੰਪਲੋਇਰ ਦੁਆਰਾ ਇੰਨ-ਹਾਊਸ ਟਰੇਨਿੰਗ ਵਿੱਚੋਂ ਲੰਘਣਾ ਪਵੇਗਾ। ਇੰਡਸਟਰੀ ਆਪਣੀ ਲੇਬਰ ਘਾਟ ਨੂੰ ਪੂਰਿਆਂ ਕਰਨ ਲਈ ਤਨਖ਼ਾਹ ਵਧਾਉਣ ਸਮੇਤ ਕਈ ਕਦਮ ਚੁੱਕ ਰਹੀ ਹੈ ਇਹ ਯਤਨ ਨਾਕਾਫ਼ੀ ਸਨ ਪਰ ਹੁਣ ਇਸ ਬੱਜਟ ਐਲਾਨ ਰਾਹੀਂ ਉਨਟੈਰੀਓ ਦੀ ਆਰਥਿਕਤਾ ਵਿੱਚ ਵੱਡਾ ਹੁਲਾਰਾ ਆਵੇਗਾ।

ਓ ਟੀ ਏ ਦੇ ਪ੍ਰੈਜ਼ੀਡੈਂਟ ਸਟੀਫ਼ਨ ਲਾਸਕੋਵਸਕੀ ਦਾ ਕਹਿਣਾ ਸੀ ਕਿ ਫੋਰਡ ਸਰਕਾਰ ਦਾ ਇੱਕ ਮੁੱਖ ਮੰਤਵ ਉਨਟੈਰੀਓ ਨੂੰ ਵਪਾਰ ਲਈ ਖ਼ੁੱਲ੍ਹਾ ਰੱਖਣਾ ਹੈ ਅਤੇ ਟਰੱਕਿੰਗ ਨੂੰ ਓ ਆਈ ਐਨ ਪੀ ਪ੍ਰੋਗਰਾਮ ਤਹਿਤ ਲੈਣਾ ਇੱਕ ਵੱਡਾ ਕਦਮ ਹੈ, ਕਿਉਂਕਿ ਟਰੱਕਿੰਗ ਇੰਡਸਟਰੀ ਆਪਣੇ ਤੌਰ ਆਪਣੀ ਲੇਬਰ ਸ਼ਾਰਟੇਜ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਇੰਮੀਗਰੇਸ਼ਨ ਦੇ ਰਾਹ ਨਹੀਂ ਸੀ ਜਾ ਸਕਦੀ। ਉਹਨਾਂ ਕਿਹਾ ਕਿ ਇਹ ਗੱਲ ਸਾਫ਼ ਹੈ ਕਿ ਇਮੀਗਰੇਸ਼ਨ ਅਤੇ ਵਿਦੇਸ਼ੀ ਪੇਸ਼ਾਵਰ ਟਰੱਕ ਡਰਾਈਵਰਾਂ ਦੀ ਭਰਤੀ ਨਾਲ ਅੱਗੇ ਵਧਣ ਦੇ ਅਨੇਕ ਰਸਤੇ ਖੁੱਲ੍ਹਣਗੇ। ਉਨਟੈਰੀਓ ਟਰੱਕਿੰਗ ਇੰਡਸਟਰੀ ਨੂੰ ਇੱਕ ਪਾਇਲਟ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਵੀ ਖੁੱਲ੍ਹ ਹੋਵੇਗੀ ਜਿਸ ਤਹਿਤ ਅਵੱਲ ਦਰਜੇ ਦੇ ਸਕਿੱਲਡ ਇਮੀਗਰਾਂਟਸ ਨੂੰ ਛੋਟੀ ਕਮਿਊਨਿਟੀਜ਼ ਵਿੱਚ ਲਿਆਂਦਾ ਜਾ ਸਕਦਾ ਹੈ। ਬੱਜਟ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਰਕਾਰ ਨੈਚੂਰੈਲ ਗੈਸ ਨੂੰ ਟਰਾਂਸਪੋਰਟੇਸ਼ਨ ਫ਼ਿਊਲ ਵਜੋਂ ਵਰਤਣ ਲਈ ਟੈਕਸ ਛੋਟ ਦੇਵੇਗੀ। ਸਰਕਾਰ ਪੇਪਰ ਵਰਕ ਘਟਾਉਣ ਲਈ ਟਰੱਕ ਡਰਾਈਵਰਾਂ ਦੇ ਕਰੈਡੈਂਸ਼ੀਅਲ ਇੰਟਰਨੈਸ਼ਨਲ ਰਜਿਸਟਰੇਸ਼ਨ ਪਲਾਨ ਤਹਿਤ ਇਲੈਕਟਰੋਨਿਕ ਦਸਤਾਵੇਜਾਂ ਦੇ ਰੂਪ ਵਿੱਚ ਵੀ ਪ੍ਰਵਾਨ ਕਰੇਗੀ।