ਈਐਲਡੀ ਸਬੰਧੀ ਵਿਧਾਨ ਸਭਾ ਵਿੱਚ ਪੇਸ਼ ਬਿੱਲ ਨੂੰ ਸਾਰੀਆਂ ਪਾਰਟੀਆਂ ਦੇ ਮਿਲੇ ਸਮਰਥਨ ਤੋਂ ਓਟੀਏ ਖੁਸ਼

ਫੋਰਡ ਸਰਕਾਰ ਵੱਲਂੋ ਕਮਰਸ਼ੀਅਲ ਵ੍ਹੀਕਲ ਸੇਫਟੀ ਵਿੱਚ ਸੁਧਾਰ ਲਈ ਨਵਾਂ ਬਿੱਲ ਪੇਸ਼ ਕੀਤਾ ਗਿਆ ਜਿਸ ਦੇ ਪਾਸ ਹੋਣ ਨਾਲ ਪੇਪਰ ਲੌਗਬੁੱਕਜ਼ ਦੀ ਥਾਂ ਤੀਜੀ ਧਿਰ ਵੱਲੋਂ ਸਰਟੀਫਾਈਡ ਇਲੈਕਟ੍ਰੌਨਿਕ ਲੌਗਿੰਗ ਡਿਵਾਈਸਿਜ਼ (ਈਐਲਡੀਜ਼) ਲੈ ਲੈਣਗੀਆਂ|

ਟਰਾਂਸਪੋਰਟੇਸ਼ਨ ਮੰਤਰੀ ਦੇ ਪਾਰਲੀਆਮੈਂਟਰੀ ਅਸਿਸਟੈਂਟ ਵਿਜੇ ਥਾਨੀਗਾਸਾਲਮ ਨੇ ਇਸ ਸਬੰਧ ਵਿੱਚ ਬੀਤੇ ਦਿਨੀਂ ਆਪਣਾ ਬਿੱਲ ਪੇਸ਼ ਕੀਤਾ|ਦੂਜੀ ਰੀਡਿੰਗ ਵਿੱਚ ਇਸ ਬਿੱਲ ਨੂੰ ਵਿਧਾਨਸਭਾ ਵਿੱਚ ਸਾਰੀਆਂ ਪਾਰਟੀਆਂ ਦਾ ਸਮਰਥਨ ਹਾਸਲ ਹੋਇਆ| ਥਾਨੀਗਾਸਾਲਮ ਨੇ ਆਖਿਆ ਕਿ ਇਸ ਆਧੁਨਿਕੀਕਰਨ ਨਾਲ ਸਾਰੇ ਕਰੀਅਰਜ਼ ਨੂੰ ਫਾਇਦਾ ਹੋਵੇਗਾ|ਉਨ੍ਹਾਂ ਇਸ ਬਿੱਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਪਰ ਲੌਗਬੁੱਕਜ਼ ਤੋਂ ਇਲੈਕਟ੍ਰੌਨਿਕ ਲੌਗਬੁੱਕਜ਼ ਵਿੱਚ ਤਬਦੀਲੀ ਨਾਲ ਕਰੀਅਰਜ਼ ਨੂੰ ਸਮੇਂ ਸਿਰ ਬਚਤ ਹੋਵੇਗੀ ਤੇ ਪ੍ਰਸੈਸਿੰਗ ਦੀ ਲਾਗਤ ਤੋਂ ਵੀ ਬਚਾਅ ਹੋਵੇਗਾ| ਖਾਸ ਤੌਰ ਉੱਤੇ ਇਹ ਨਿੱਕੇ ਕਰੀਅਰਜ਼ ਲਈ ਕਾਫੀ ਮਦਦਗਾਰ ਹੋਵੇਗੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਕਰੀਅਰਜ਼ ਦੇ ਹਰ ਇੱਕ ਨਿੱਕੇ ਵੱਡੇ ਆਪਰੇਸ਼ਨਜ਼ ਲਈ ਹਰ ਡਾਲਰ ਤੇ ਸੈਂਟ ਕੀ ਮਾਇਨੇ ਰੱਖਦਾ ਹੈ|

ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਇਨ੍ਹਾਂ ਮਾਪਦੰਡਾਂ ਦੀ ਸ਼ਲਾਘਾ ਵੀ ਕੀਤੀ ਗਈ|ਐਸੋਸਿਏਸ਼ਨ ਦੇ ਚੇਅਰ ਡੇਵਿਡ ਚਾਰਥ ਨੇ ਆਖਿਆ ਕਿ ਪੇਪਰ ਲੌਗਬੁੱਕਜ਼ ਦੀ ਥਾਂ ਉੱਤੇ ਈਐਲਡੀਜ਼ ਦੀ ਵਰਤੋਂ ਨਾਲ ਕਮਰਸ਼ੀਅਲ ਟਰੱਕਿੰਗ ਇੰਡਸਟਰੀ ਦੀ ਰੋਡ ਸੇਫਟੀ ਪਰਫੌਰਮੈਂਸ ਵਿੱਚ ਵੀ ਸੁਧਾਰ ਹ’ਵੇਗਾ| ਉਨ੍ਹਾਂ ਆਖਿਆ ਕਿ ਅਸੀਂ ਐਮਪੀਪੀ ਥਾਨੀਗਾਸਾਲਮ, ਮੰਤਰੀ ਮਲਰੋਨੀ ਤੇ ਐਮਟੀਓ ਦੀ ਸਮੁੱਚੀ ਟੀਮ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਕਮਰਸ਼ੀਅਲ ਵ੍ਹੀਕਲ ਸੇਫਟੀ ਦੇ ਖੇਤਰ ਵਿੱਚ ਲੀਡਰਸ਼ਿਪ ਦੀ ਮਿਸਾਲ ਪੇਸ਼ ਕੀਤੀ ਹੈ|
ਓਟੀਏ ਦਾ ਕਹਿਣਾ ਹੈ ਕਿ ਨਿੱਕੇ, ਪਰ ਗੈਰ ਆਗਿਆਕਾਰੀ ਡਰਾਈਵਰ ਤੇ ਟਰੱਕਿੰਗ ਕੰਪਨੀ ਦੇ ਪੇਪਰ ਲੌਗਬੁੱਕਸ ਤੇ ਆਪਣੇ ਵੱਲੋਂ ਹੀ ਸਰਟੀਫਾਈਡ ਈਐਲਡੀਜ਼ ਦੀ ਵਰਤੋਂ ਕਰਦੇ ਹਨ ਤੇ ਅਜਿਹਾ ਕਰਕੇ ਫਟੀਗ ਮੈਨੇਜਮੈਂਟ ਨਿਯਮਾਂ ਨਾਲ ਛੇੜਛਾੜ ਕਰਦੇ ਹਨ ਤੇ ਮੋਟਰਿੰਗ ਪਬਲਿਕ ਨੂੰ ਖਤਰੇ ਵਿੱਚ ਪਾਉਂਦੇ ਹਨ|

ਸਰਕਾਰੀ ਬਿੱਲ ਅਜੇ ਇੱਕ ਹੋਰ ਰੀਡਿੰਗ ਵਿੱਚੋਂ ਲੰਘੇਗਾ ਤੇ ਫਿਰ ਉਸ ਨੂੰ ਸ਼ਾਹੀ ਰਜ਼ਾਮੰਦੀ ਮਿਲੇਗੀ| ਉਸ ਤੋਂ ਬਾਅਦ ਹੀ ਇਹ ਨਵੇਂ ਨਿਯਮ ਲਾਗੂ ਹੋਣਗੇ|