ਅਲਬਰਟਾ ਇੰਟਰਨੈਸ਼ਨਲ ਟਰੈਵਲ ਪ੍ਰੋਜੈਕਟ ਪ੍ਰਤੀ ਕੈਨੇਡਾ ਸਰਕਾਰ ਦੀ ਪਹੁੰਚ ਦੀ ਸੀਟੀਏ ਨੇ ਕੀਤੀ ਸ਼ਲਾਘਾ

ਟੋਰਾਂਟੋ : ਕੋਵਿਡ-19 ਸੰਕਟ ਨਾਲ ਸਪਲਾਈ ਚੇਨ ਤੇ ਕੌਮਾਂਤਰੀ ਆਵਾਜਾਈ ਦੇ ਕਈ ਪੱਖਾਂ ਉੱਤੇ ਅਸਰ ਪੈ ਰਿਹਾ ਹੈ| ਇਸ ਬੜੇ ਹੀ ਚੁਣੌਤੀਪੂਰਣ ਸਮੇਂ ਵਿੱਚ ਕੈਨੇਡਾ ਸਰਕਾਰ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਨਾਲ ਰਲ ਕੇ ਕੰਮ ਕਰ ਰਹੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇੰਡਸਟਰੀ ਸੁਰੱਖਿਅਤ ਤੇ ਸੁਚੱਜੇ ਢੰਗ ਨਾਲ ਦੇਸ਼ ਦੇ ਅਰਥਚਾਰੇ ਨੂੰ ਚੱਲਦਾ ਰੱਖ ਸਕੇ|

ਬੀਤੇ ਦਿਨੀਂ ਇੰਟਰਨੈਸ਼ਨਲ ਕੋਵਿਡ-19 ਟਰੈਵਲ ਪਾਇਲਟ ਦਾ ਐਲਾਨ ਕੀਤਾ ਗਿਆ| ਇਸ ਵਿੱਚ ਕੈਨੇਡਾ ਸਰਕਾਰ, ਅਲਬਰਟਾ ਪ੍ਰੋਵਿੰਸ ਤੇ ਟਰੱਕਿੰਗ ਸੈਕਟਰ ਵਰਗੀ ਲੋੜੀਂਦੀ ਸੇਵਾ ਨੂੰ ਸ਼ਾਮਲ ਕੀਤਾ ਗਿਆ| ਜਿਸ ਤਹਿਤ ਕਮਰਸ਼ੀਅਲ ਡਰਾਈਵਰਜ਼ ਤੇ ਹੋਰਨਾਂ ਅਸੈਂਸ਼ੀਅਲ ਵਰਕਰਜ਼ ਨੂੰ ਵਾਲੰਟਰੀ ਕੋਵਿਡ-19 ਟੈਸਟਿੰਗ ਮੁਹੱਈਆ ਕਰਵਾਈ ਜਾਵੇਗੀ| ਇਸ ਪਾਇਲਟ ਪ੍ਰੋਜੈਕਟ ਦੌਰਾਨ ਗੈਰ ਜ਼ਰੂਰੀ ਟਰੈਵਲਰਜ਼ ਲਈ ਵੱਖ ਵੱਖ ਨਿਯਮ ਲਾਗੂ ਹੋਣਗੇ| ਇਹ ਪ੍ਰੋਜੈਕਟ ਕੂਟਜ਼ ਲੈਂਡ ਬਾਰਡਰ ਤੇ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਸ਼ੁਰੂ ਕੀਤਾ ਜਾਵੇਗਾ|

ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਸੀਟੀਏ ਵੱਲੋਂ ਅਲਬਰਟਾ ਦੇ ਇਸ ਪਾਇਲਟ ਪ੍ਰੋਜੈਕਟ ਦੀ ਸ਼ਲਾਘਾ ਕੀਤੀ ਜਾਂਦੀ ਹੈ, ਜੋ ਕਿ ਇਸ ਮਹਾਂਮਾਰੀ ਦੇ ਦੌਰ ਵਿੱਚ ਸਰਕਾਰ ਤੇ ਸਾਡੀ ਇੰਡਸਟਰੀ ਦਰਮਿਆਨ ਸਾਂਝ ਨੂੰ ਦਰਸਾਉਂਦੀ ਹੈ| ਉਨ੍ਹਾਂ ਆਖਿਆ ਕਿ ਕੈਨੇਡਾ ਸਰਕਾਰ ਨੇ ਅਜਿਹਾ ਪਾਇਲਟ ਪ੍ਰੋਜੈਕਟ ਲਿਆਂਦਾ ਹੈ ਜੋ ਕੋਵਿਡ-19 ਖਿਲਾਫ ਸਾਡੇ ਦੇਸ਼ ਦੀ ਲੜਾਈ ਨੂੰ ਹੋਰ ਅਗਾਂਹ ਲੈ ਜਾਵੇਗਾ| ਇੱਥੇ ਹੀ ਬੱਸ ਨਹੀਂ ਸਾਡੀ ਵਰਕਫੋਰਸ ਦੀ ਹੈਲਥ ਤੇ ਟਰੱਕਿੰਗ ਸਪਲਾਈ ਚੇਨ ਦੀ ਕਾਬਲੀਅਤ ਦੀ ਹਿਫਾਜ਼ਤ ਵੀ ਕਰੇਗਾ|

ਇਹ ਪਾਇਲਟ ਪ੍ਰੋਜੈਕਟ 2021 ਦੀ ਬਸੰਤ/ਗਰਮੀਆਂ ਤੱਕ ਚੱਲੇਗਾ ਤੇ ਟਰੱਕ ਡਰਾਈਵਰਾਂ ਲਈ ਅਲਬਰਟਾ ਦੀ ਕੂਟਜ਼ ਬਾਰਡਰ ਕਰੌਸਿੰਗ ਉੱਤੇ ਉਨ੍ਹਾਂ ਲਈ ਕੋਵਿਡ-19 ਵਾਲੰਟਰੀ ਟੈਸਟ ਮੁਹੱਈਆ ਕਰਾਵੇਗਾ| ਕੂਟਜ਼ ਕੈਨੇਡਾ ਵਿੱਚ ਕਮਰਸ਼ੀਅਲ ਟਰੈਫਿਕ ਲਈ ਨੌਵਾਂ ਸੱਭ ਤੋਂ ਮਸ਼ਰੂਫ ਸਰਹੱਦੀ ਲਾਂਘਾ ਹੈ| ਕੈਨੇਡਾ ਸਰਕਾਰ ਵੱਲੋਂ ਵਸਤਾਂ ਨੂੰ ਲਿਆਉਣ ਲਿਜਾਣ ਦੇ ਸਿਲਸਿਲੇ ਨੂੰ ਚੱਲਦਾ ਰੱਖਣ ਦੇ ਨਾਲ ਨਾਲ ਪਾਇਲਟ ਨਾਲ ਉਡੀਕ ਸਮੇਂ ਉੱਤੇ ਕੋਈ ਅਸਰ ਨਾ ਪੈਣ ਦਾ ਭਰੋਸਾ ਵੀ ਦਿਵਾਇਆ ਜਾ ਰਿਹਾ ਹੈ|

ਅਲਬਰਟਾ ਮੋਟਰ ਟਰਾਂਸਪੋਰਟ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਕ੍ਰਿਸ ਨੈਸ਼ ਨੇ ਆਖਿਆ ਕਿ ਅਜਿਹੀ ਕੋਵਿਡ ਟੈਸਟਿੰਗ ਨਾਲ ਨਾ ਸਿਰਫ ਅਲਬਰਟਾ ਦੀ ਸਪਲਾਈ ਚੇਨ ਦੀ ਹਿਫਾਜ਼ਤ ਕਰਨ ਤੇ ਇਸ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ ਸਗੋਂ ਸਾਡੀ ਪ੍ਰੋਵਿੰਸ ਵਿੱਚ ਸਰਵਿਸ ਦੀ ਵੱਧਦੀ ਮੰਗ ਵੀ ਪੂਰੀ ਹੋਵੇਗੀ| ਉਨ੍ਹਾਂ ਆਖਿਆ ਕਿ ਅਲਬਰਟਾ ਦੀ ਆਰਥਿਕ ਰਿਕਵਰੀ ਮਾਰਕਿਟ ਤੱਕ ਵਸਤਾਂ ਨੂੰ ਤੇਜ਼ੀ ਨਾਲ ਤੇ ਪੂਰੀ ਕਾਬਲੀਅਤ ਨਾਲ ਪਹੁੰਚਾਉਣ ਦੀ ਸਾਡੀ ਇੰਡਸਟਰੀ ਦੀ ਸਮਰੱਥਾ ਉੱਤੇ ਨਿਰਭਰ ਕਰਦੀ ਹੈ| ਅਸੀਂ ਸੀਟੀਏ ਤੋਂ ਇਲਾਵਾ ਆਪਣੇ ਫੈਡਰਲ ਤੇ ਪ੍ਰੋਵਿੰਸ਼ੀਅਲ ਪਾਰਟਨਰਜ਼ਨਾਲ ਰਲ ਕੇ ਕੰਮ ਕਰਨ ਲਈ ਵਚਨਬੱਧ ਹਾਂ ਤੇ ਇਸ ਲਈ ਹੋਰ ਪਹਿਲਕਦਮੀਆਂ ਲਈ ਵੀ ਤਿਆਰ ਹਾਂ|

ਸੀਟੀਏ ਆਪਣੀ ਟਰੱਕਿੰਗ ਇੰਡਸਟਰੀ ਨਾਲ ਜੁੜੇ ਸਾਰੇ ਅਸੈਂਸ਼ੀਅਲ ਵਰਕਰਜ਼,(ਜਿਨ੍ਹਾਂ ਵਿੱਚ ਟਰੱਕਿੰਗ ਆਪਰੇਸ਼ਨ ਨਾਲ ਜੁੜਿਆ ਕੋਈ ਵੀ ਸਟਾਫ ਮੈਂਬਰ ਜਿਵੇਂ ਕਿ ਮੈਨੇਜਮੈਂਟ ਤੇ ਮਕੈਨਿਕਸ ਵੀ ਸ਼ਾਮਲ ਹਨ) ਜਿਹੜੇ ਕੂਟਜ਼ ਬਾਰਡਰ ਦੀ ਵਰਤੋਂ ਕਰਦੇ ਹਨ, ਨੂੰ ਖੁਦ ਨੂੰ ਅਸੈਂਸ਼ੀਅਲ ਵਰਕਰਜ਼ ਸਿੱਧ ਕਰਨ ਲਈ ਟਰਾਂਸਪੋਰਟ ਕੈਨੇਡਾ/ਕੈਨੇਡੀਅਨ ਟਰੱਕਿੰਗ ਅਲਾਇੰਸ ਪੱਤਰ ਦੀ ਵਰਤੋਂ ਕਰਨ ਦੀ ਸਲਾਹ ਦਿੰਦੀ ਹੈ| ਇਸ ਪੱਤਰ ਦੇ ਕੋਲ ਹੋਣ ਨਾਲ ਇਨ੍ਹਾਂ ਮੈਂਬਰਾਂ ਦੀ ਵਾਲੰਟਰੀ ਟੈਸਟਿੰਗ ਤਾਂ ਹੋਵੇਗੀ ਹੀ ਸਗੋਂ ਇਸ ਦੇ ਨਾਲ ਨਾਲ ਉਨ੍ਹਾਂ ਨੂੰ ਕੂਟਜ਼ ਕਰੌਸਿੰਗ ਉੱਤੇ ਤਾਇਨਾਤ ਸੀਬੀਐਸਏ ਤੇ ਪਬਲਿਕ ਹੈਲਥ ਅਧਿਕਾਰੀ ਅਸੈਂਸ਼ੀਅਲ ਵਰਕਰਜ਼ ਨੂੰ ਕੁਆਰਨਟੀਨ ਨਿਯਮਾਂ ਤੋਂ ਮਿਲੀ ਛੋਟ ਦਾ ਫਾਇਦਾ ਵੀ ਲੈਣ ਦੇਣਗੇ|